ਬਿਜਲੀ ਦਾ ਟਰਾਂਸਫ਼ਾਰਮਰ ਸੜ ਜਾਣ ਕਾਰਨ 20 ਦਿਨਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਕਰੋਲ ਬਾਗ ਦੇ ਵਸਨੀਕ
ਕਪੂਰਥਲਾ, 25 ਜੂਨ-ਜਲੰਧਰ-ਕਪੂਰਥਲਾ ਰੋਡ 'ਤੇ ਸਥਿਤ ਕਰੋਲ ਬਾਗ ਕਲੋਨੀ ਦੇ ਵਸਨੀਕ ਬੀਤੇ 20 ਦਿਨਾਂ ਤੋਂ ਬਿਜਲੀ ਦਾ ਟਰਾਂਸਫ਼ਾਰਮਰ ਸੜੇ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਪਾਵਰਕਾਮ ਵਲੋਂ ਉਨ੍ਹਾਂ ਦਾ ਟਰਾਂਸਫ਼ਾਰਮਰ ਨਿੱਜੀ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ | ਕਲੋਨੀ ਵਾਸੀਆਂ ਨੂੰ ਆ ਰਹੀ ਸਮੱਸਿਆ ਦੇ ਹੱਲ ਲਈ ਅੱਜ ਕਰੋਲ ਬਾਗ ਵੈੱਲਫੇਅਰ ਸੁਸਾਇਟੀ ਦਾ ਇਕ ਵਫ਼ਦ ਪ੍ਰਧਾਨ ਬੀ.ਐਲ. ਭਾਰਦਵਾਜ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮਿਲਿਆ ਤੇ ਉਨ੍ਹਾਂ ਨੂੰ ਟਰਾਂਸਫ਼ਾਰਮਰ ਸਬੰਧੀ ਸਾਰੀ ਸਮੱਸਿਆ ਤੋਂ ਜਾਣੂ ਕਰਵਾਇਆ | ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਕਰੀਬ 20 ਸਾਲਾਂ ਤੋਂ ਇਸ ਕਲੋਨੀ ਵਿਚ ਰਹਿ ਰਹੇ ਹਨ ਤੇ ਉਨ੍ਹਾਂ ਨੇ ਨਿਯਮਾਂ ਅਨੁਸਾਰ ਪੁੱਡਾ ਤੋਂ ਮਾਨਤਾ ਪ੍ਰਾਪਤ ਇਸ ਕਲੋਨੀ ਵਿਚ ਪਾਵਰਕਾਮ ਤੋਂ ਬਿਜਲੀ ਕੁਨੈਕਸ਼ਨ ਲਏ, ਪਰ ਜਦੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਟਰਾਂਸਫ਼ਾਰਮਰ ਸੜਿਆ ਤਾਂ ਪਾਵਰਕਾਮ ਨੇ ਇਹ ਕਹਿ ਕਿ ਆਪਣੇ ਹੱਥ ਪਿੱਛੇ ਖਿੱਚ ਲਏ ਕਿ ਇਹ ਟਰਾਂਸਫ਼ਾਰਮਰ ਪ੍ਰਾਈਵੇਟ ਹੈ ਤੇ ਉਹ ਇਸ ਸਬੰਧੀ ਕੁੱਝ ਨਹੀਂ ਕਰ ਸਕਦੇ, ਨਾ ਤਾਂ ਇਸਨੂੰ ਠੀਕ ਕਰਵਾ ਸਕਦੇ ਹਨ ਤੇ ਨਾ ਹੀ ਨਵਾਂ ਰੱਖ ਸਕਦੇ ਹਨ | ਜਦੋਂ ਇਹ ਸਾਰਾ ਮਾਮਲਾ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ 3-4 ਦਿਨ ਪਹਿਲਾਂ ਆਰਜ਼ੀ ਟਰਾਂਸਫ਼ਾਰਮਰ ਰਖਾ ਕੇ ਬਿਜਲੀ ਚਾਲੂ ਕਰਵਾਈ ਤੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ, ਪਰ ਇਕ ਹਫ਼ਤਾ ਬੀਤ ਜਾਣ ਤੋਂ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਅਜੇ ਤੱਕ ਪੱਕੇ ਤੌਰ 'ਤੇ ਕੋਈ ਵੀ ਟਰਾਂਸਫ਼ਾਰਮਰ ਨਹੀਂ ਰੱਖਿਆ ਗਿਆ | ਕਲੋਨੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਕਲੋਨੀ ਵਿਚ ਪਾਵਰਕਾਮ ਅਧੀਨ ਪੱਕੇ ਤੌਰ 'ਤੇ ਪੂਰੀ ਸਮਰੱਥਾ ਵਾਲਾ ਨਵਾਂ ਟਰਾਂਸਫ਼ਾਰਮਰ ਰਖਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਕਲੋਨੀ ਵਾਸੀਆਂ ਨੂੰ ਅਜਿਹੀ ਸਮੱਸਿਆ ਦਾ ਮੁੜ ਸਾਹਮਣਾ ਨਾ ਕਰਨਾ ਪਵੇ | ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਇਸ ਸਬੰਧੀ ਮੌਕੇ 'ਤੇ ਹੀ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਕਲੋਨੀ ਵਾਸੀਆਂ ਦੇ ਸਮੱਸਿਆ ਦੇ ਹੱਲ ਲਈ ਕਿਹਾ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਕਲੋਨੀਆਂ ਵਾਸੀਆਂ ਦੀ ਇਹ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ | ਕਲੋਨੀ ਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਸੀ.ਐਮ. ਵਿੰਡੋ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਇਸ ਮੌਕੇ ਪ੍ਰਧਾਨ ਬੀ.ਐਲ. ਭਾਰਦਵਾਜ, ਸਤੀਸ਼ ਵਾਲੀਆ, ਅਜੀਤ ਸਿੰਘ, ਜੋਗਿੰਦਰਪਾਲ ਅਰੋੜਾ, ਅਰੁਨ ਅਹੂਜਾ, ਤਿਲਕਰਾਜ ਸ਼ਰਮਾ, ਅਵਿਨਾਸ਼ ਚੰਦਰ, ਅਮਰਜੀਤ ਸਿੰਘ ਸਡਾਨਾ, ਅਮਿਤ ਕੁਮਾਰ ਭਾਰਦਵਾਜ, ਗੁਰਮੀਤ ਸਿੰਘ ਜੋਸਨ, ਸੁਖਵਿੰਦਰ ਸਿੰਘ, ਰਵੀ ਗੁਪਤਾ, ਨਵੀਨ ਕੁਮਾਰ, ਰਮੇਸ਼ ਚੰਦਰ ਕੁਮਾਰ, ਗੁਰਪ੍ਰੀਤ ਸਿੰਘ ਸਚਦੇਵਾ ਆਦਿ ਹਾਜ਼ਰ ਸਨ |

0 Comments